Homepage

ਹਿੰਦੁਸਤਾਨ ਵਿਚ ਸੂਬਾਈ ਚੋਣਾਂ ਦੇ ਨਤੀਜੇ

 

ਅੱਠ ਦਸੰਬਰ ਨੂੰ ਹਿੰਦੁਸਤਾਨ ਦੇ ਪੰਜ ਸੂਬਿਆਂ ਵਿਚ ਹੋਈਆਂ ਚੋਣਾਂ ਦੇ ਨਤੀਜੇ ਨਿਕਲੇ ਹਨ। ਮਿਜ਼ੋਰਾਮ ਵਿਚ ਕਾਂਗਰਸ ਦੀ ਜਿੱਤ ਹੋਈ। ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਭਾਜਪਾ ਨੇ ਕਾਂਗਰਸ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਿੱਤੀ। ਪਰ ਦਿੱਲੀ ਵਿਚ ਆਮ ਆਦਮੀ ਪਾਰਟੀ ਨੇ ਸਾਰਿਆਂ ਦੀ ਉਮੀਦ ਨਾਲੋਂ ਜ਼ਿਆਦਾ 28 ਸੀਟਾਂ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਤੇ ਭਾਜਪਾ ਅਤੇ ਕਾਂਗਰਸ ਦੋਹਾਂ ਲਈ ਸੰਕਟ ਪੈਦਾ ਕਰ ਦਿੱਤਾ। ਕਾਂਗਰਸ ਤਾਂ ਬਿਲਕੁਲ ਹੀ ਖ਼ਤਮ ਹੋ ਗਈ ਹੈ ਜੋ ਪਿਛਲੇ 15 ਸਾਲਾਂ ਤੋਂ ਦਿਲੀ ਵਿਚ ਤਾਕਤ ਵਿਚ ਸੀ ਅਤੇ ਭਾਜਪਾ ਨੂੰ ਵੀ ਬਹੁ ਮੱਤ ਨਹੀਂ ਮਿਲ ਸਕਿਆ। 70 ਸੀਟਾਂ ਦੀ ਅਸੈਂਬਲੀ ਵਿਚ ਕਾਂਗਰਸ ਦੀਆਂ ਸਿਰਫ਼ ਅੱਠ ਹੀ ਸੀਟਾਂ ਹਨ ਜਦ ਕਿ ਭਾਜਪਾ ਨੂੰ ਵੀ 32 ਸੀਟਾਂ ਮਿਲੀਆਂ ਹਨ ਅਤੇ ਇਹ ਆਪਣੇ ਤੌਰ ਤੇ ਸਰਕਾਰ ਬਣਾਉਣ ਦੀ ਹਾਲਤ ਵਿਚ ਨਹੀਂ ਹੈ। ਭਾਵੇਂ ਕਈ ਤਰ੍ਹਾਂ ਦੇ ਜੋੜ ਤੋੜ ਹੋਣ ਕਿਆਸ ਲਾਏ ਜਾ ਰਹੇ ਹਨ ਪਰ ਆਮ ਆਦਮੀ ਪਾਰਟੀ ਨੇ ਸਾਫ਼ ਕਹਿ ਦਿੱਤਾ ਹੈ ਕਿ ਉਹ ਨਾ ਕਿਸੇ ਪਾਰਟੀ ਦੀ ਮਦਦ ਨਾਲ ਆਪ ਸਰਕਾਰ ਬਣਾਏਗੀ ਤੇ ਨਾ ਹੀ ਕਿਸੇ ਪਾਰਟੀ ਦੀ ਸਰਕਾਰ ਬਣਾਉਣ ਵਿਚ ਮਦਦ ਕਰੇਗੀ।

ਆਮ ਆਦਮੀ ਪਾਰਟੀ ਵਾਲੇ ਦਲੀਲ ਦਿੰਦੇ ਹਨ ਕਿ ਕਿਉਂਕਿ ਕਾਂਗਰਸ ਅਤੇ ਭਾਜਪਾ ਦੋਨੋਂ ਹੀ ਪਾਰਟੀਆਂ ਕੁਰੱਪਸ਼ਨ, ਫ਼ਿਰਕਾਪ੍ਰਸਤੀ, ਜੁਰਮ ਅਤੇ ਜਾਤਪਾਤ ਨੂੰ ਬਰਕਰਾਰ ਰੱਖਣ ਵਾਲੀਆਂ ਪਾਰਟੀਆਂ ਹਨ ਤੇ ਉਨ੍ਹਾਂ ਦੋਹਾਂ ਵਿਚ ਕੋਈ ਫ਼ਰਕ ਤਾਂ ਹੈ ਨਹੀਂ ਇਸ ਲਈ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਘੁੰਡ ਚੁੱਕ ਦੇਣਾ ਚਾਹੀਦਾ ਹੈ ਤੇ ਰਲਕੇ ਸਾਂਝੀ ਸਰਕਾਰ ਬਣਾ ਲੈਣੀ ਚਾਹੀਦੀ ਹੈ। ਪਰ ਕਾਂਗਰਸ ਅਤੇ ਭਾਜਪਾ ਇਹ ਮੰਨਣ ਨੂੰ ਤਿਆਰ ਨਹੀਂ। ਕਿਉਂਕਿ ਇਸ ਨਾਲ ਉਹ ਬਿਲਕੁਲ ਹੀ ਨੰਗੇ ਹੋ ਜਾਣਗੇ ਅਤੇ ਲਿਬਰਲ ਡੈਮੋਕਰੇਸੀ ਦਾ ਪਰਦਾ ਫਾਸ਼ ਹੋ ਜਾਵੇਗਾ ਕਿ ਕਾਂਗਰਸ ਅਤੇ ਭਾਜਪਾ, ਦੋਵੇਂ, ਹਾਕਮ ਜਮਾਤਾਂ ਦੀਆਂ ਹੀ ਪਾਰਟੀਆਂ ਹਨ ਅਤੇ ਉਹ ਲੋਕਾਂ ਨੂੰ ਵੰਡਣ ਲਈ ਅਤੇ ਉਨ੍ਹਾਂ ਵਿਚ ਭੁਲੇਖੇ ਪਾ ਕੇ ਹਾਕਮ ਟੋਲੇ ਦੀ ਹੀ ਸੇਵਾ ਲਈ ਹਨ। ਦਿੱਲੀ ਵਿਚ ਸਰਕਾਰ ਕੀਹਦੀ ਤੇ ਕਿੱਦਾਂ ਬਣੇਗੀ ਦਾ ਫ਼ਿਲਹਾਲ ਕੁੱਝ ਪਤਾ ਨਹੀਂ। ਦੇਖੋ, ਲੈਫ਼ਟੀਨੈਂਟ ਗਵਰਨਰ ਹੁਣ ਕੀ ਕਰਦਾ ਹੈ।


ਦਿੱਲੀ ਵਿਚ ਜਿੱਤ ਨੇ ਆਮ ਆਦਮੀ ਪਾਰਟੀ ਦੇ ਹੌਸਲੇ ਵਧਾ ਦਿੱਤੇ ਹਨ ਅਤੇ ਅਗਲੇ ਸਾਲ ਵਿਚ ਆਉਣ ਵਾਲੀ ਸੰਸਦੀ ਚੋਣ ਵਿਚ ਹਿੱਸਾ ਲੈਣ ਲਈ ਵੀ ਉਹ ਹੁਣ ਤਿਆਰੀ ਕਰ ਰਹੀ ਲਗਦੀ ਹੈ। ਹਰ ਕੋਈ ਪੁੱਛ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਜੋ ਕਿ ਸਿਰਫ਼ ਇੱਕ ਸਾਲ ਹੀ ਪੁਰਾਣੀ ਹੈ ਐਨੀਆਂ ਸੀਟਾਂ ਕਿਸ ਤਰ੍ਹਾਂ ਮਿਲ ਗਈਆਂ? ਇਨ੍ਹਾਂ ਕੋਲ ਨਾ ਪੈਸਾ ਨਾ ਸਰਕਾਰੀ ਮਸ਼ੀਨ ਅਤੇ ਨਾ ਹੀ ਗੁੰਡੇ ਸੀ?

ਆਮ ਆਦਮੀ ਪਾਰਟੀ ਕੁਰੱਪਸ਼ਨ ਦੇ ਖ਼ਿਲਾਫ਼ ਇੱਕ ਲੋਕ ਲਹਿਰ ਵਿਚੋਂ ਨਿਕਲੀ ਹੈ। ਇਹਦੇ ਲੀਡਰ ਇਸ ਲਹਿਰ ਦੀ ਪੈਦਾਵਾਰ ਹਨ ਤੇ ਆਮ ਲੋਕਾਂ ਵਿਚੋਂ ਨਿਕਲੇ ਹਨ। ਹਾਕਮ ਟੋਲੇ ਦੀਆਂ ਸਰਕਾਰਾਂ ਤੇ ਸਿਆਸੀ ਪਾਰਟੀਆਂ ਦੀ ਕੁਰੱਪਸ਼ਨ ਤੇ ਲੁੱਟ ਦੇ ਖ਼ਿਲਾਫ਼ ਲੋਕਾਂ ਦੇ ਗ਼ੁੱਸੇ ਦਾ ਇਜ਼ਹਾਰ ਕਰਦੀ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲਹਿਰ ਨੇ ਲੋਕਾਂ ਲਈ ਥਾਂ ਖੋਲ੍ਹੀ ਅਤੇ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਇਸ ਗ਼ੁੱਸੇ ਨੂੰ ਆਵਾਜ਼ ਦੇ ਕੇ ਇਸ ਥਾਂ ਨੂੰ ਹੋਰ ਚੌੜਾ ਕਰ ਦਿੱਤਾ ਹੈ। ਅੱਜ ਮੀਡੀਆ ਵਿਚ ਆਮ ਹੀ ਇਹ ਗੱਲ ਸੁਣੀ ਜਾਂਦੀ ਹੈ ਕਿ ਲੋਕਾਂ ਨੂੰ ਇੱਕ ਨਵੀਂ ਸਿਆਸਤ ਅਤੇ ਨਵੀਂ ਸਿਆਸੀ ਪ੍ਰਣਾਲੀ ਦੀ ਲੋੜ ਹੈ। ਕਾਂਗਰਸ ਅਤੇ ਭਾਜਪਾ ਵਿਚ ਕੋਈ ਫ਼ਰਕ ਨਹੀਂ। ਲੋਕਾਂ ਦੇ ਤਜਰਬੇ ਦੀ ਇਹ ਆਵਾਜ਼ ਅੱਜ ਹਰ ਥਾਂ ਸੁਣਾਈ ਦੇ ਰਹੀ ਹੈ ਅਤੇ ਬਸਤੀਵਾਦੀਆਂ ਦੀ ਬਖ਼ਸ਼ੀ ਹੋਈ ਲਿਬਰਲ ਜਮਹੂਰੀਅਤ ਨੂੰ ਚੁਨੌਤੀ ਦੇ ਰਹੀ ਹੈ। ਅੱਗੇ ਵੀ ਹਿੰਦੁਸਤਾਨ ਦੇ ਹਰ ਖੂੰਜੇ ਤੋਂ ਇਹ ਆਵਾਜ਼ ਉੱਭਰਦੀ ਰਹੀ ਹੈ ਪਰ ਹਾਕਮ ਜਮਾਤਾਂ ਅਤੇ ਉਨ੍ਹਾਂ ਦਾ ਮੀਡੀਆ ਹੁਣ ਤੱਕ ਇਸ ਆਵਾਜ਼ ਨੂੰ ਅਣਗੌਲਿਆ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਕੋਈ ਖ਼ਾਸ ਤਵੱਜੋ ਨਹੀਂ ਸੀ ਦੇ ਰਿਹਾ। ਪਰ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਜਿੱਤ ਨੇ ਉਨ੍ਹਾਂ ਨੂੰ ਇਸ ਬਾਰੇ ਚਰਚਾ ਕਰਨ ਲਈ ਮਜਬੂਰ ਕਰ ਦਿੱਤਾ ਹੈ। ਹੁਣ ਹਰ ਚੈਨਲ ਤੇ ਇਹੋ ਹੀ ਜ਼ਿਕਰ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਵਿਚ ਇੱਕ ਨਵੀਂ ਤਰ੍ਹਾਂ ਦੀ ਸਿਆਸਤ ਸ਼ੁਰੂ ਕਰਨ ਵਿਚ ਕਾਮਯਾਬ ਰਹੀ ਹੈ ਤੇ ਆਉਂਦੀਆਂ ਸੰਸਦੀ ਚੋਣਾਂ ਵਿਚ ਇਸ ਸਿਆਸਤ ਨੂੰ ਹੋਰ ਅੱਗੇ ਲਿਜਾ ਸਕਦੀ ਹੈ।

ਭਾਜਪਾ ਵਾਲਿਆਂ ਨੂੰ ਫ਼ਿਕਰ ਹੈ ਕਿ ਲੋਕਾਂ ਦਾ ਗ਼ੁੱਸਾ ਕਿਤੇ ਉਨ੍ਹਾਂ ਨੂੰ ਵੀ ਹੂੰਝਾ ਨਾ ਫੇਰ ਦੇਵੇ। ਕਾਂਗਰਸ ਵਾਲੇ ਹੋਰ ਵੀ ਫ਼ਿਕਰ ਵਿਚ ਹਨ ਕਿ ਪਾਰਲੀਮੈਂਟ ਦੀਆਂ ਹੋਣਾ ਵਿਚ ਕੀ ਦਾਅ ਪੇਚ ਲੜਾਏ ਜਾਣ ਕਿ ਕਿਤੇ ਬਿਲਕੁਲ ਹੀ ਨਾ ਫੱਟੀ ਪੋਚੀ ਜਾਵੇ। ਕਾਂਗਰਸ ਦੇ ਕਈ ਲੀਡਰ ਤਾਂ ਹੁਣੇ ਮੰਨਣ ਲੱਗ ਪਏ ਹਨ ਕਿ ਆਉਣ ਵਾਲੀਆਂ ਸੰਸਦੀ ਚੋਣਾਂ ਵਿਚ ਕਾਂਗਰਸ ਹਾਰ ਜਾਵੇਗੀ।

ਹਾਕਮ ਟੋਲਾ ਅਤੇ ਉਨ੍ਹਾਂ ਦੀਆਂ ਵੱਡੀਆਂ ਪਾਰਟੀਆਂ ਚੋਣਾਂ ਨੂੰ ਰਾਹੁਲ ਗਾਂਧੀ ਅਤੇ ਮੋਦੀ ਵਿਚ ਮੁਕਾਬਲਾ ਦੱਸਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਦਿਲੀ ਵਿਚ ਆਮ ਆਦਮੀ ਪਾਰਟੀ ਦੀ ਚੰਗੀ ਕਾਰਗੁਜ਼ਾਰੀ ਬਾਅਦ ਉਹ ਗੱਲ ਹੁਣ ਮੁਮਕਿਨ ਨਹੀਂ ਲੱਗਦੀ ਕਿਉਂਕਿ ਆਮ ਆਦਮੀ ਪਾਰਟੀ ਰਾਹੀਂ ਲੋਕਾਂ ਦੇ ਗ਼ੁੱਸੇ ਦੀ ਆਵਾਜ਼ ਪੂਰੇ ਹਿੰਦੁਸਤਾਨ ਵਿਚ ਚਰਚਾ ਦਾ ਵਿਸ਼ਾ ਬਣੀ ਰਹੇਗੀ ਅਤੇ ਲੋਕਾਂ ਲਈ ਹੋਰ ਥਾਂ ਖੋਲ੍ਹੇਗੀ.

ਲੋਕਾਂ ਨੂੰ ਇਕੱਠੇ ਹੋਕੇ ਵਿਚਾਰ ਵਟਾਂਦਰਾ ਕਰਨ ਦੀ ਲੋੜ ਹੈ ਕਿ ਇਹ ਥਾਂ ਜੋ ਉਨ੍ਹਾਂ ਨੇ ਖੋਲੀ ਹੈ ਉਸ ਨੂੰ ਕਿਸ ਤਰ੍ਹਾਂ ਹੋਰ ਵਧਾਇਆ ਜਾਵੇ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਕਿਸ ਤਰ੍ਹਾਂ ਵਰਤਿਆ ਜਾਵੇ। ਮੁਹੱਲੇ, ਪਿੰਡ ਅਤੇ ਬਸਤੀਆਂ ਦੀ ਪੱਧਰ ਤੇ ਲੋਕਾਂ ਨੂੰ ਇਕੱਠੇ ਹੋ ਕੇ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ਤਿਆਰ ਕਰਨ ਅਤੇ ਸੋਚਣ ਦੀ ਲੋੜ ਹੈ ਕਿ ਇਸ ਸਾਰੇ ਤੰਤਰ ਅਤੇ ਸਿਸਟਮ ਤੋਂ ਕਿਸ ਤਰ੍ਹਾਂ ਛੁਟਕਾਰਾ ਪਾਕੇ ਇੱਕ ਨਵੀਂ ਉਸਾਰੀ ਕੀਤੀ ਜਾਵੇ ਜਿਸ ਵਿਚ ਲੋਕ ਸਿਰਫ਼ ਇੱਕ ਵੋਟ ਪਾਉਣ ਵਾਲੇ ਇੱਜੜ ਹੀ ਨਾ ਰਹਿਣ ਬਲਕਿ ਉਹ ਆਪ ਹਾਕਮ ਬਣ ਸਕਣ ਅਤੇ ਲਿਬਰਲ ਡੈਮੋਕਰੇਸੀ ਦਾ ਮੁਤਬਾਦਲ ਲੱਭ ਸਕਣ।

Back to top Back to Home Page